23 ਸਤੰਬਰ 2025 ਨੂੰ ਹੋਣਗੇ ਸਾਰੇ ਸੰਸਾਰ ਵਿੱਚ ਦਿਨ ਅਤੇ ਰਾਤ ਬਰਾਬਰ !
ਸੰਸਾਰ ਵਿੱਚ 23 ਸਤੰਬਰ ਅਤੇ 21 ਮਾਰਚ ਨੂੰ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ। ਕਿਉਂਕਿ ਇਨ੍ਹਾਂ ਦੋਹਾਂ ਦਿਨਾਂ ਨੂੰ ਕੋਈ ਵੀ ਧਰੁਵ ਸੂਰਜ ਵੱਲ ਝੁਕਿਆ ਨਹੀਂ ਹੁੰਦਾ, ਇਨ੍ਹਾਂ ਨੂੰ ਵਿਸੂਵੀ ਆਖਦੇ ਹਨ। 23 ਸਤੰਬਰ ਨੂੰ ਉੱਤਰੀ ਅਰਧ ਗੋਲੇ ਵਿੱਚ ਪਤਝੜ੍ਹ ਰੁੱਤ ਸ਼ੁਰੂ ਹੁੰਦੀ ਹੈ। ਇਸ ਲਈ ਇਸ ਨੂੰ ਪਤਝੜ੍ਹ ਵਿਸੂਵੀ ਆਖਦੇ ਹਨ। ਭੂ ਮੱਧ ਰੇਖਾ ਉੱਤੇ ਸਾਲ ਭਰ ਦਿਨ-ਰਾਤ ਬਰਾਬਰ ਹੁੰਦੇ ਹਨ, ਇਸ ਲਈ ਇਸਨੂੰ ਵਿਸ਼ੁਵਤ ਰੇਖਾ ਵੀ ਕਹਿੰਦੇ ਹਨ। ਕਿਉਂਕਿ ਧਰਤੀ ਆਪਣੇ ਧੁਰੇ ਦੁਆਲੇ 23.5 ਡਿਗਰੀ ਝੁਕੀ ਹੋਈ ਹੈ, ਜਿਸ ਕਾਰਨ ਸਾਰੀ ਧਰਤੀ ਤੇ ਦਿਨ ਅਤੇ ਰਾਤ ਛੋਟੇ ਅਤੇ ਵੱਡੇ ਹੁੰਦੇ ਰਹਿੰਦੇ ਹਨ। ਸਾਲ ਵਿੱਚ ਕੇਵਲ ਇਹ ਦੋ ਦਿਨ ਹੀ ਹੁੰਦੇ ਹਨ ਜਦੋਂ ਸਾਰੀ ਧਰਤੀ ਉਪੱਰ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ।
ਹਰ ਸਾਲ ਹੋਣ ਵਾਲੀ ਖਗੋਲੀ ਘਟਨਾ ਦੇ ਅਧੀਨ 23 ਸਤੰਬਰ ਨੂੰ ਦਿਨ ਅਤੇ ਰਾਤ ਬਰਾਬਰ ਹੋਣਗੇ। ਅੱਜ ਤੋਂ ਬਾਅਦ ਦਿਨ ਛੋਟੇ ਹੋਣ ਲੱਗਣਗੇ। ਹਰ ਸਾਲ 21 ਮਾਰਚ, 21 ਜੂਨ, 23 ਸਤੰਬਰ ਅਤੇ 22 ਦਸੰਬਰ ਨੂੰ ਚਾਰ ਵਾਰ ਖਗੋਲੀ ਘਟਨਾ ਹੋਣ ਦੇ ਨਾਲ ਹੀ ਧਰਤੀ ਦੀਆਂ ਗਤੀਵਿਧੀਆਂ ‘ਚ ਤਬਦੀਲੀ ਹੁੰਦੀ ਹੈ। 23 ਸਤੰਬਰ ਤੋਂ ਬਾਅਦ ਸੂਰਜ ਦੱਖਣੀ ਗੋਲਾਰਧ ਵਿੱਚ ਪ੍ਰਵੇਸ਼ ਕਰੇਗਾ।ਸੂਰਜ ਦੀ ਇਸ ਚਾਲ ਕਾਰਨ ਹੁਣ ਉੱਤਰੀ ਗੋਲਾਰਧ ‘ਚ ਦਿਨ ਹੌਲੀ-ਹੌਲੀ ਛੋਟੇ ਅਤੇ ਰਾਤਾਂ ਵੱਡੀਆਂ ਹੋਣ ਲੱਗਣਗੀਆਂ। 23 ਸਤੰਬਰ ਨੂੰ ਸੂਰਜ ਵਿਸ਼ੁਵਤ ਰੇਖਾ (ਭੂ-ਮੱਧ ਰੇਖਾ) ‘ਤੇ ਵਰਟੀਕਲ ਹੋ ਜਾਵੇਗਾ। ਇਸ ਘਟਨਾ ਨੂੰ ਪਤਝੜ੍ਹ ਵਿਸੂਵੀ ਕਹਿੰਦੇ ਹਨ। ਇਸ ਤੋਂ ਬਾਅਦ ਉੱਤਰੀ ਗੋਲਾਰਧ ਵਿੱਚ ਸਰਦੀ ਦੀ ਰੁੱਤ ਸ਼ੁਰੂ ਹੋ ਜਾਵੇਗੀ ਅਤੇ ਇਸ ਦੇ ਉਲਟ ਦੱਖਣੀ ਗੋਲਾਰਧ ਵਿੱਚ ਗਰਮੀ ਦੀ ਰੁੱਤ ਸ਼ੁਰੂ ਹੋਵੇਗੀ।

Good
ReplyDelete