Study material: ਸਰਬਤ ਦੇ ਭਲੇ ਅਤੇ ਸਾਂਝੇ ਸਭਿਆਚਾਰ ਦਾ ਪ੍ਰਤੀਕ- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (24 ਅਗਸਤ ਪਹਿਲੇ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼)
![]() |
ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਸਿੱਖ ਧਰਮ ਦੇ ਪੰਜਵੇਂ ਗੁਰੂ ਸ੍ਰੀ ਅਰਜਨ ਦੇਵ ਜੀ ਦੁਆਰਾ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਬਾਣੀ ਅਤੇ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਰਾਮਸਰ (ਆਧੁਨਿਕ ਅੰਮ੍ਰਿਤਸਰ) ਵਿਖੇ 1604 ਈਸਵੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਗਈ। ਸ੍ਰੀ ਗੁਰੂ ਅਰਜਨ ਦੇਵ ਦੁਆਰਾ ਭਾਈ ਗੁਰਦਾਸ ਤੋਂ ਇਕੱਤਰ ਕੀਤੀ ਬਾਣੀ ਲਿਖਵਾਈ ਗਈ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਮਗਰੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਇਸੇ ਸਾਲ ਗੁਰੂ ਗ੍ਰੰਥ ਸਾਹਿਬ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਾਪਤ ਕੀਤਾ ਗਿਆ। ਸਥਾਪਨਾ ਉਪਰੰਤ ਬਾਬਾ ਬੁੱਢਾ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਥਾਪਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਥਾਪਨਾ ਦਿਵਸ ਇਸ ਸਾਲ ਸਿੱਖ ਸੰਗਤਾਂ ਵੱਲੋਂ 28 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਤਿਹਾਸ ਦਾ ਲੰਮਾ ਸਮਾਂ ਬੀਤਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਤਿੰਨਾਂ ਜਿਲਦਾਂ ਦੇਖੀਆਂ ਗਈਆਂ। ਪਹਿਲੀ ਭਾਈ ਗੁਰਦਾਸ ਵਾਲੀ, ਦੂਸਰੀ ਭਾਈ ਬੰਨੋ ਵਾਲੀ ਅਤੇ ਤੀਸਰੀ ਦਮਦਮਾ ਸਾਹਿਬ ਵਾਲੀ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਜੋ ਜਿਲਦ ਭਾਈ ਗੁਰਦਾਸ ਤੋਂ ਲਿਖਵਾਈ ਗਈ ਉਸ ਦਾ ਨਾਮ ਭਾਈ ਗੁਰਦਾਸ ਵਾਲੀ ਪ੍ਰਸਿੱਧ ਹੋ ਗਿਆ। ਇਹ ਜਿਲਦ ਕਰਤਾਰਪੁਰ ਵਿਖੇ ਰਹੀ। ਦੂਸਰੀ ਮਾਂਗਟ ਨਿਵਾਸੀ ਭਾਈ ਬੰਨੋ ਵਾਲੀ ਹੈ। ਇਹ ਭਾਈ ਬੰਨੋ ਵਾਲੀ ਦੇ ਨਾਮ ’ਤੇ ਪ੍ਰਸਿੱਧ ਹੈ। ਤੀਸਰੀ ਸ੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਦਮਦਮਾ ਸਾਹਿਬ ਵਿਖੇ ਆਤਮਿਕ ਸ਼ਕਤੀ ਨਾਲ ਕੰਠ ਤੋਂ ਉਚਾਰਨ ਕਰਕੇ ਜੋ ਬਾਣੀ ਲਿਖਵਾਈ ਗਈ, ਉਸ ਦਾ ਨਾਮ ਦਮਦਮੇ ਵਾਲੀ ਨਾਲ ਪ੍ਰਸਿੱਧ ਹੋਇਆ।
ਸ੍ਰੀ ਗੁਰੂ ਅਰਜਨ ਦੇਵ ਨੀਤੀਵਾਨ, ਵਿਦਵਾਨ, ਫ਼ਿਲਾਸਫ਼ਰ ਅਤੇ ਯੋਗ ਪ੍ਰਬੰਧਕ ਸਨ। ਕਨਿੰਘਮ ਦੇ ਅਨੁਸਾਰ ‘ਸ੍ਰੀ ਗੁਰੂ ਅਰਜਨ ਦੇਵ ਪਹਿਲੇ ਗੁਰੂ ਸਨ ਜਿਨ੍ਹਾਂ ਨੇ ਗੁਰੂ ਨਾਨਕ ਦੇ ਉਪਦੇਸ਼ਾਂ ਦਾ ਹਰ ਪੱਖੋਂ ਅਧਿਐਨ ਕਰਨ ਉਪਰੰਤ ਇਹ ਮਹਿਸੂਸ ਕੀਤਾ ਕਿ ਇਹ ਉਪਦੇਸ਼ ਸਮਾਜ ਦੇ ਹਰ ਖੇਤਰ ਵਿਚ ਮਾਰਗ ਦਰਸ਼ਕ ਹਨ।’’ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇ 974, ਗੁਰੂ ਅੰਗਦ ਦੇਵ ਦੇ 62, ਗੁਰੂ ਅਮਰਦਾਸ ਦੇ 907, ਗੁਰੂ ਰਾਮਦਾਸ ਦੇ 679, ਅਤੇ ਗੁਰੂ ਅਰਜਨ ਦੇਵ ਦੇ 2216 ਸ਼ਬਦ ਹਨ। ਸੋ ਗੁਰੂ ਸਾਹਿਬਾਨ ਵਿੱਚੋਂ ਸਭ ਤੋਂ ਵੱਧ ਯੋਗਦਾਨ ਸ੍ਰੀ ਗੁਰੂ ਅਰਜਨ ਦੇਵ ਦਾ ਹੈ। ਬਾਅਦ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਦੇ 116 ਸ਼ਬਦ ਵੀ ਸ਼ਾਮਲ ਕੀਤੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ
ਕੌਮਾਂਤਰੀ ਭਾਈਚਾਰੇ ਦੇ ਪ੍ਰਤੀਕ ਇਸ ਧਾਰਮਿਕ ਗ੍ਰੰਥ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਮੁਸਲਿਮ ਅਤੇ ਹਿੰਦੂ 16 ਭਗਤਾਂ ਦੀ ਬਾਣੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੇ ਨਾਮ ਸ਼ੇਖ਼ ਫ਼ਰੀਦ, ਕਬੀਰ, ਤਰਲੋਚਨ ਬੇਨੀ, ਰਾਮਦਾਸ, ਨਾਮਦੇਵ, ਜੈਦੇਵ, ਭੀਖਣ, ਸੈਣ, ਪੀਪਾ, ਰਾਮਾਨੰਦ, ਪਰਮਾਨੰਦ, ਸਧਨਾ ਅਤੇ ਸੂਰਦਾਸ ਸਨ। 16ਵੇਂ ਬਾਰੇ ਕੁਝ ਕੁ ਵਿਦਵਾਨਾਂ ਦਾ ਵਿਚਾਰ ਹੈ ਕਿ ਭਾਈ ਮਰਦਾਨਾ ਸਨ। ਕੁਝ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ। ਇਸ ਤੋਂ ਇਲਾਵਾ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ 15 ਭੱਟਾਂ ਦੀਆਂ ਰਚਨਾਵਾਂ ਸਵੱਯੀਏ ਵੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਭੱਟਾਂ ਦੇ ਨਾਮ ਕ੍ਰਮਵਾਰ ਭਲਾਊ, ਭੀਖ਼ਾ, ਬਾਲ, ਗੰਗਾ, ਹਰੀਬੰਸ, ਜਲਾਊ, ਜਲਾਪ, ਕਾਲ, ਕਲਾਸ, ਕਾਲਾਸਰ, ਕੀਰਤ, ਮਥਰਾ, ਨੰਦ ਲਾਲ, ਕੀਕਾ ਅਤੇ ਰਦ ਸਨ। ਪੰਥ ਪ੍ਰਕਾਸ਼ ਪੁਸਤਕ ਦੇ ਕਰਤਾ ਗਿਆਨੀ ਗਿਆਨ ਸਿੰਘ ਅਨੁਸਾਰ ਇਹ ਸਾਰੇ ਭੱਟ ਬ੍ਰਾਹਮਣ ਸਨ। ਉਪਰੋਕਤ ਤੋਂ ਇਲਾਵਾ ਸੱਤਾ ਤੇ ਬਲਵੰਡ ਦੀ ਵਾਰ ਵੀ ਸ਼ਾਮਲ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਜਪੁਜੀ ਸਾਹਿਬ ਨਾਲ ਹੁੰਦੀ ਹੈ। ਇਹ ਗੁਰੂ ਨਾਨਕ ਦੀ ਰਚਨਾ ਹੈ। ਇਸ ਨੂੰ ‘ਮੂਲਮੰਤਰ’ ਵੀ ਕਿਹਾ ਜਾਂਦਾ ਹੈ। ਇਸ ਦਾ ਪਾਠ ਸਵੇਰ ਨੂੰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਸੋਦਰ ਰਹਿ ਰਾਸ, ਸੋ ਪੁਰਖ, ਕੀਰਤਨ ਸੋਹਲਾ ਅਤੇ ਮੁੱਖ ਭਾਗ ਆਉਂਦੇ ਹਨ। ਮੁੱਖ ਭਾਗ 31 ਰਾਗਾਂ ਅਨੁਸਾਰ ਵੰਡਿਆ ਹੋਇਆ ਹੈ। ਬਾਦੀ ਦੀ ਤਰਤੀਬ ਗੁਰੂ ਸਾਹਿਬਾਨ ਦੇ ਅਨੁਸਾਰ ਹੈ। ਗੁਰੂ ਨਾਨਕ, ਅੰਗਦ, ਅਮਰਦਾਸ, ਰਾਮਦਾਸ, ਗੁਰੂ ਅਰਜਨ ਅਤੇ ਗੁਰੂ ਤੇਗ਼ ਬਹਾਦਰ ਦੇ ਸ਼ਬਦ ਹਨ। ਹਰ ਰਾਗ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਉਪਰੰਤ ਭਗਤਾਂ ਦੀ ਬਾਣੀ ਤਰਤੀਬ ਵਾਰ ਦਿੱਤੀ ਗਈ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਪਹਿਲਾ ਧਾਰਮਿਕ ਗ੍ਰੰਥ ਹੈ ਜੋ ਧਰਮਾਂ ਦੀ ਵੰਡ ਤੋਂ ਉਪਰ ਹੈ। ਅਬੁਲ ਫ਼ਜ਼ਲ ਦੁਆਰਾ ਆਈਨ-ਏ-ਅਕਬਰੀ ਵਿੱਚ ਲਿਖਿਆ ਹੈ ਕਿ ਮੁਗ਼ਲ ਬਾਦਸ਼ਾਹ ਜਲਾਲਉਦੀਨ ਮੁਹੰਮਦ ਅਕਬਰ (1556-1605) ਦੁਆਰਾ ਇਸ ਗ੍ਰੰਥ ਨੂੰ ਪਹਿਲੀ ਵਾਰ ਦੇਖਣ ਉਪਰੰਤ ਕਿਹਾ ਗਿਆ ਕਿ ‘ਇਹ ਮਹਾਨ ਕਿਤਾਬ ਸਤਿਕਾਰਯੋਗ ਹੈ’। ਇਹ ਗ੍ਰੰਥ ਭਾਵੇਂ ਧਾਰਮਿਕ ਹੈ, ਪਰ ਮੱਧਕਾਲੀਨ ਸਮਾਜ ਖਾਸ ਤੌਰ ’ਤੇ ਗੁਰੂਕਾਲ ਦੀ ਰਾਜਨੀਤਕ, ਸਮਾਜਿਕ, ਆਰਥਿਕ, ਧਾਰਮਿਕ ਅਤੇ ਸਭਿਆਚਾਰਕ ਹਾਲਤ ਦਾ ਇਹ ਅਤਿ ਮਹੱਤਵਪੂਰਨ ਮੁੱਢਲਾ ਸ੍ਰੋਤ ਹੈ। ਬਾਬਰ ਬਾਣੀ ਵਿਚ ਗੁਰੂ ਨਾਨਕ ਦੁਆਰਾ ਸਮੇਂ ਦੇ ਬਾਦਸ਼ਾਹ ਜ਼ਹੀਰਊਦੀਨ ਮੁਹੰਮਦ ਬਾਬਰ (1526-1530 ਈਸਵੀ) ਦੇ ਲੋਧੀ ਸੁਲਤਾਨ ਇਬਰਾਹੀਮ ਲੋਧੀ ਉਪਰ ਕੀਤੇ ਗਏ ਹਮਲੇ ਸਮੇਂ ਦੀ ਹਾਲਤ ਨੂੰ ਬਿਆਨ ਕੀਤਾ ਹੈ। ਸਮਾਜਿਕ ਹਾਲਤ, ਪਰਿਵਾਰਕ ਰਿਸ਼ਤੇ, ਜਨਮ ਮਰਨ, ਵਿਆਹ, ਸਮਾਜਿਕ ਕੁਰੀਤੀਆਂ ਸਤੀ, ਪਰਦਾ, ਬਾਲ ਵਿਆਹ,ਔਰਤ ਦੀ ਸਥਿਤੀ, ਵਿਧਵਾ ਔਰਤ ਬਾਰੇ ਖਾਸ ਤੌਰ ’ਤੇ ਬਾਰੇ ਥਾਂ-ਥਾਂ ’ਤੇ ਹਵਾਲੇ ਮਿਲਦੇ ਹਨ।
ਨਾਨਕ ਬਾਣੀ ਵਿਚ ਗੁਰੂ ਨਾਨਕ ਦੁਆਰਾ ਧਰਮ-ਕਰਮ ਦੇ ਠੇਕੇਦਾਰਾਂ, ਕਾਜ਼ੀਆਂ, ਉਲੇਮਾ ਵਰਗ, ਹਿੰਦੂ ਪੁਜਾਰੀਆਂ ਅਤੇ ਬ੍ਰਾਹਮਣਾਂ ’ਤੇ ਚੋਟ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਗਿਆਨ ਮਿਲਦਾ ਹੈ ਕਿ ਮੁਸਲਿਮ ਕਾਜ਼ੀ ਝੂਠ ਬੋਲਦਾ ਹੈ, ਰਿਸ਼ਵਤ ਲੈਂਦਾ ਹੈ। ਬ੍ਰਾਹਮਣ ਪਾਠ ਪੜ੍ਹਦਾ ਹੈ, ਪ੍ਰੰਤੂ ਉਸ ਦਾ ਮਤਲਬ ਸਮਝ ਨਹੀਂ ਰਿਹਾ। ਯੋਗੀ ਜੋ ਕਿ ਅਧਿਆਤਮਿਕਤਾ ਦਾ ਮਾਰਗ ਦਰਸ਼ਕ ਹੈ, ਉਸ ਨੂੰ ਆਪਣੇ ਟੀਚੇ ਬਾਰੇ ਹੀ ਗਿਆਨ ਨਹੀਂ ਹੈ। ਇਹ ਤਿੰਨੋਂ ਹੀ ਮਾਨਵਤਾ ਨੂੰ ਵਿਨਾਸ਼ ਵੱਲ ਲਿਜਾ ਰਹੇ ਹਨ। ਮੁਸਲਮਾਨ ਨਮਾਜ਼ ਤੋਂ ਕੋਹਾਂ ਦੂਰ ਹੈ। ਹਿੰਦੂ ਸਮਾਜ ਦੀ ਵੰਡ ਵੱਖ-ਵੱਖ ਵਰਗਾਂ ਬ੍ਰਾਹਮਣ, ਖੱਤਰੀ, ਸੂਦਰ ਅਤੇ ਵੈਸ਼ ਵਿਚ ਹੋਈ ਹੈ। ਸੋ ਗੁਰੂਕਾਲ ਦੀ ਸਮਾਜਿਕ ਹਾਲਤ, ਮੁਸਲਿਮ, ਹਿੰਦੂ ਸਭਿਆਚਾਰਾਂ ਬਾਰੇ ਵਿਸਥਾਰਪੂਰਵਕ ਹਵਾਲੇ ਮਿਲਦੇ ਹਨ।
ਭਾਸ਼ਾਈ ਪੱਖ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਲ, ਸਪੱਸ਼ਟ ਅਤੇ ਲੋਕਾਈ ਦੇ ਸਮਝ ਆਉਣ ਵਾਲੀ ਸ਼ੈਲੀ ਵਿਚ ਸੰਪਾਦਤ ਕੀਤਾ ਗਿਆ ਹੈ। ਗੁੰਝਲਦਾਰ, ਧਾਰਮਿਕ ਫ਼ਿਲਾਸਫ਼ੀ ਤੋਂ ਦੂਰ ਇਸ ਦੀ ਸਾਹਿਤਕ ਭਾਸ਼ਾ ਹਰ ਪੜ੍ਹਨ ਵਾਲੇ ਦੇ ਦਿਮਾਗ ’ਤੇ ਸਿੱਧਾ ਅਸਰ ਕਰਦੀ ਹੈ। ਖੁਸ਼ਵੰਤ ਸਿੰਘ ਅਨੁਸਾਰ ‘ਆਦਿ ਗ੍ਰੰਥ ਦੀ ਲਿਖਣ ਕਲਾ ਅਜੇ ਤਾਈਂ ਜੋ ਕੁਝ ਪੰਜਾਬੀ ਸਾਹਿਤ ਵਿਚ ਲਿਖਿਆ ਗਿਆ ਹੈ ਉਸ ਦਾ ਸਭ ਤੋਂ ਉੱਤਮ ਪ੍ਰਤੀਕ ਹੈ। ਇਸ ਵਿਚ ਹਰ ਤਰ੍ਹਾਂ ਦੀ ਰੂਪਤਾ ਹੈ, ਜੋ ਪਿੱਛੋਂ ਹੋਣ ਵਾਲੇ ਲੇਖਕਾਂ ਵਿੱਚ ਨਹੀਂ ਸੀ। ਇਸ ਦੀ ਰਚਨਾ ਦੀ ਸੁੰਦਰਤਾ ਦੀ ਅਪੀਲ ਸ਼ਕਤੀਸ਼ਾਲੀ ਹੈ।’ ਟਰੰਪ ਨੇ ਇਸ ਨੂੰ ਭਾਰਤੀ ਭਾਸ਼ਾਵਾਂ ਦੇ ਮਿਸ਼ਰਣ ਦਾ ਖ਼ਜ਼ਾਨਾ ਕਿਹਾ ਹੈ। ਜੈਦੇਵ ਦੀ ਬਾਣੀ ਸੰਸਕ੍ਰਿਤ ਦੇ ਨੇੜੇ ਹੈ, ਨਾਮਦੇਵ ਅਤੇ ਤਰਲੋਚਨ ਦੱਖਣ ਤੋਂ ਸਨ, ਉਨ੍ਹਾਂ ਦੀ ਬਾਣੀ ਮਰਾਠੀ ਭਾਸ਼ਾ ਤੋਂ ਪ੍ਰਭਾਵਿਤ ਹੈ। ਕਬੀਰ ਅਤੇ ਰਾਮਾਨੰਦ ਦੀਆਂ ਲਿਖਤਾਂ ਹਿੰਦੀ ਭਾਸ਼ਾ ਵਿਚ ਹਨ। ਇਕ ਦੋ ਪੰਕਤੀਆਂ ਪੂਰਨ ਫ਼ਾਰਸੀ ਭਾਸ਼ਾ ਵਿਚ ਹਨ। ਸ਼ੇਖ਼ ਫ਼ਰੀਦ ਦੀ ਬਾਣੀ ਪੰਜਾਬੀ ਸ਼ਰਾਇਕੀ ਵਿੱਚ ਹੈ। ਸੋ ਇਹ ਸੰਸਕ੍ਰਿਤ, ਮਰਾਠੀ, ਹਿੰਦੀ, ਫ਼ਾਰਸ਼ੀ ਅਤੇ ਪੰਜਾਬੀ ਭਾਸ਼ਾਵਾਂ ਦਾ ਮਿਸ਼ਰਤ ਰੂਪ ਹੈ।
ਸਮੁੱਚੇ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ 1469 ਤੋਂ 1708 ਈਸਵੀ ਕਾਲ ਦਾ ਮਹੱਤਵਪੂਰਨ ਤੇ ਮੁੱਢਲਾ ਸ੍ਰੋਤ ਹੈ। ਗੋਰਡਨ ਅਨੁਸਾਰ ‘ਜੇ ਸਿੱਖ ਜਾਤੀ ਦੀ ਸੁਤੰਤਰ ਹੋਂਦ ਕਾਇਮ ਰੱਖਣੀ ਸੀ ਤਾਂ ਇਹ ਜ਼ਰੂਰੀ ਸੀ ਕਿ ਉਨ੍ਹਾਂ ਨੂੰ ਧਾਰਮਿਕ ਪ੍ਰੇਰਨਾ ਦੇਣ ਦਾ ਇੱਕ ਸੁਤੰਤਰ ਸ੍ਰੋਤ ਹੁੰਦਾ। ਸਿੱਖਾਂ ਨੂੰ ਆਪਣੀ ਲਿਖਤ ਅਤੇ ਭਾਸ਼ਾ ਦਿੱਤੀ ਜਾ ਚੁੱਕੀ ਸੀ। ਹੁਣ ਉਨ੍ਹਾਂ ਨੂੰ ਕੇਵਲ ਨਿਸ਼ਚਤ ਸਾਹਿਤ ਦੇਣ ਦੀ ਜ਼ਰੂਰਤ ਸੀ। ਜੋ ਉਨ੍ਹਾਂ ਦੇ ਵਿਕਾਸ ਦਾ ਇੱਕ ਪੱਕਾ ਆਧਾਰ ਸਿੱਧ ਹੋ ਸਕੇ। ‘ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਜੀਵਨਕਾਲ ਦੌਰਾਨ ਇਸ ਮਹੱਤਵਪੂਰਨ ਗ੍ਰੰਥ ਦੀ ਜ਼ਰੂਰਤ ਨੂੰ ਅਨੁਭਵ ਕਰਦੇ ਹੋਏ ਪੂਰਾ ਕੀਤਾ। ਇੰਦੂ ਭੂਸ਼ਣ ਬੈਨਰਜੀ ਅਨੁਸਾਰ ‘ਪਾਠ ਕਰਨਾ ਸਿੱਖ ਧਰਮ ਦਾ ਜ਼ਰੂਰੀ ਅੰਗ ਸੀ। ਵਾਸਤਵ ਵਿੱਚ ਇਹ ਧਾਰਮਿਕ ਅਭਿਆਸ ਦਾ ਢੰਗ ਸੀ। ਇਸ ਲਈ ਜ਼ਰੂਰੀ ਸੀ ਕਿ ਗੁਰੂ ਸਾਹਿਬਾਨ ਦੇ ਸ਼ਬਦਾਂ ਨੂੰ ਇਕੱਠਾ ਕੀਤਾ ਜਾਵੇ।’ ਨਿਰਸੰਦੇਹ ਇਹ ਸਿੱਖ ਧਰਮ ਦੀ ਵੱਖਰੀ ਪਹਿਚਾਣ ਦਾ ਆਧਾਰ ਬਣਿਆ ਅਤੇ ਬਣਤਰ ਪੱਖੋਂ ਵਿਸ਼ਵ ਮਾਨਵਤਾ ਭਾਵ ਸਰਬਤ ਦੇ ਭਲੇ ਦੇ ਪ੍ਰਤੀਕ ਵੱਜੋਂ ਵੀ ਸਥਾਪਤ ਕੀਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਾ ਵਸਤੂ ਅਤੇ ਮਾਨਵਤਾ ਨਾਲ ਸਬੰਧਤ ਇਸ ਦੇ ਵੱਖ-ਵੱਖ ਸਰੋਕਾਰਾਂ ਨਾਲ ਸਬੰਧਤ ਅਨੇਕਾਂ ਕਾਰਜ ਹੋਏ ਹਨ। ਵੱਖ-ਵੱਖ ਦੇਸ਼ਾਂ, ਮਹਾਂਦੀਪਾਂ ਵਿੱਚ ਇਹ ਧਾਰਮਿਕ ਬੰਧਨ, ਨਸਲ, ਕਿੱਤੇ ਅਤੇ ਊਚ-ਨੀਚ ਦੇ ਭਾਵ ਤੋਂ ਉਪਰ ਉਠ ਕੇ ਹੋ ਰਹੇ ਹਨ। ਅਕਾਦਮਿਕ ਅਤੇ ਖੋਜ ਕਾਰਜਾਂ ਦੇ ਵਿਸ਼ੇ, ਸਮਾਜਿਕ, ਆਰਥਿਕ, ਰਾਜਨੀਤਕ, ਨੈਤਿਕ, ਵਾਤਾਵਰਣਕ, ਭੂਗੋਲਿਕ ਅਤੇ ਬਨਸਪਤੀ ਆਦਿ ਹਨ। ਇਹ ਕਾਰਜ ਬਰਤਾਨਵੀ ਰਾਜਕਾਲ ਤੋਂ ਹੀ ਹੋ ਰਹੇ ਹਨ। ਆਜ਼ਾਦੀ ਉਪਰੰਤ ਕੁਝ ਮਹੱਤਵਪੂਰਨ ਤੇ ਪ੍ਰਸਿੱਧ ਵਿਦਵਾਨਾਂ ਹਰਬੰਸ ਸਿੰਘ, ਜਗਤਾਰ ਸਿੰਘ ਗਰੇਵਾਲ, ਪਸ਼ੋਰਾ ਸਿੰਘ ਅਤੇ ਜਸਪਾਲ ਸਿੰਘ ਦੇ ਖੋਜ ਕਾਰਜਾਂ ਨੇ ਅਕਾਦਮਿਕਤਾ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਅਤੇ ਨਿਵੇਕਲੀ ਪਹਿਚਾਣ ਬਣਾਈ ਹੈ। ਬਲਵਿੰਦਰਜੀਤ ਕੌਰ ਭੱਟੀ, ਇੰਚਾਰਜ, ਪੰਜਾਬ ਇਤਿਹਾਸ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ: ਸਮਾਜਿਕ ਸਰੋਕਾਰ’ ਵਿਸ਼ੇ ’ਤੇ (ਚੇਤਨਾ ਪ੍ਰਕਾਸ਼ਨ ਲੁਧਿਆਣਾ,2012) ਨਵੀਂ ਪੁਸਤਕ ਪ੍ਰਕਾਸ਼ਿਤ ਕਰਵਾਈ ਹੈ। ਇਸ ਪੁਸਤਕ ਦੀ ਭੂਮਿਕਾ ਸਿੱਖ ਰਾਜਨੀਤੀ, ਧਰਮ ਸ਼ਾਸਤਰ, ਚਿੰਤਕ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵੱਲੋਂ ਲਿਖੀ ਗਈ ਹੈ। ਡਾ. ਜਸਪਾਲ ਸਿੰਘ ਅਨੁਸਾਰ ਲੇਖਿਕਾ ਨੇ ਸਮਾਜਿਕ ਦਰਜੇਬੰਦੀ ਦੇ ਆਧਾਰ ਵਜੋਂ ਰਾਜਨੀਤੀ, ਸਮਾਜਿਕ ਸੰਗਠਨ, ਧਰਮ, ਭਾਸ਼ਾ ਆਦਿ ਨੂੰ ਦਰਸਾ ਕੇ ਆਰਥਿਕਤਾ ਨੂੰ ਇਸ ਦੀ ਕੇਂਦਰੀ ਚੂਲ ਨਿਰਧਾਰਨ ਕੀਤਾ ਹੈ। ਅਮੀਰੀ ਅਤੇ ਗਰੀਬੀ ਦੀਆਂ ਸਥਿਤੀਆਂ ਵਿੱਚੋਂ ਮੱਧ ਵਰਗ ਦੀ ਸੁਚੱਜੀ ਜੀਵਨ ਜਾਚ ਸੁਝਾਈ ਗਈ ਹੈ। ਸਮਾਜਿਕ ਵਿਗਿਆਨ ਅਤੇ ਇਤਿਹਾਸ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਵਿਦਵਾਨਾਂ ਦੇ ਗਿਆਨ ਵਿੱਚ ਵਾਧਾ ਕਰਨ ਵਾਲੀ ਇਹ ਪੁਸਤਕ ਪੜ੍ਹਨ ਯੋਗ ਹੈ।
ਸਮੁੱਚੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਵ ਦੀਆਂ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਾ ਹੈ। ਅੰਗਰੇਜ਼ੀ ਭਾਸ਼ਾ ਵਿਚ ਗੁਰਬਚਨ ਸਿੰਘ ਤਾਲਿਬ ਵੱਲੋਂ ਕੀਤਾ ਗਿਆ। ਫਰੈਂਚ, ਹਿੰਦੀ, ਉਰਦੂ ਭਾਸ਼ਾਵਾ ਅਤੇ ਸ਼ਾਹਮੁਖੀ ਵਿਚ ਵੀ ਅਨੁਵਾਦ ਹੋ ਚੁੱਕਾ ਹੈ। ਇੰਟਰਨੈੱਟ ਦੇ ਵਰਤੋਕਾਰਾਂ ਲਈ ਵੱਖ-ਵੱਖ ਦੇਸ਼ਾਂ ਵਿੱਚ ਅਨੇਕਾਂ ਸਵੈ-ਸੇਵੀ ਸੰਗਠਨਾਂ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ। ਇਹ ਗ੍ਰੰਥ ਜਿੱਥੇ ਸਿੱਖ ਧਰਮ ਦੀ ਵੱਖਰੀ ਪਹਿਚਾਣ ਲਈ ਕੜੀ ਦਾ ਵਿਸ਼ੇਸ਼ ਅੰਗ ਬਣਿਆ, ਉਸ ਦੇ ਨਾਲ ਹੀ ਇਸ ਨੇ ਵਿਸ਼ਵ ਮਾਨਵਤਾ ਅਤੇ ਮਿਸ਼ਰਤ ਸੱਭਿਆਚਾਰ ਦੇ ਖੇਤਰ ਵਿੱਚ ਮਾਰਗ ਦਰਸ਼ਤਾ ਸਥਾਪਤ ਕੀਤੀ ਹੈ।

Comments
Post a Comment
LEAVE YOUR EXPERIENCE